‘ਖੇਡਾਂ ਵਤਨ ਪੰਜਾਬ ਦੀਆਂ’ 2024-25 ਵਿੱਚ ਜਨਤਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2024-25 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਹਜ਼ਾਰ ਮੀਟਰ ਦੌੜ ਮੁਕਾਬਲੇ ਵਿੱਚੋਂ ਰਾਜਬੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਪੰਦਰਾਂ ਸੌ ਮੀਟਰ ਦੀ ਦੌੜ ਵਿੱਚ ਮੁਸਕਾਨ ਦੂਜੇ ਸਥਾਨ ਤੇ ਰਹੀ। ਅੰਡਰ ਇੱਕੀ ਮੁਕਾਬਲਿਆਂ ਵਿੱਚ ਪੰਜ ਹਜ਼ਾਰ ਮੀਟਰ ਦੌੜ ਵਿੱਚੋਂ ਹਰਮਨਪ੍ਰੀਤ ਦੂਜੇ ਤੇ ਕਲਪਨਾ ਤੀਜੇ ਸਥਾਨ ਤੇ ਰਹੀ। ਸੌ ਮੀਟਰ ਦੌੜ ਵਿੱਚ ਤਮੰਨਾ ਨੇ ਪਹਿਲੇ ਸਥਾਨ ਤੇ ਰਹਿ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪੰਦਰਾਂ ਸੌ ਮੀਟਰ ਦੌੜ ਵਿੱਚ ਦੂਜਾ ਸਥਾਨ ਸੁਖਪ੍ਰੀਤ ਤੇ ਈਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 30 ਦੇ ਵਰਗ ਵਿੱਚ ਦਸ ਹਜ਼ਾਰ ਮੀਟਰ ਰੇਸ ਵਿੱਚ ਸੁਖਪ੍ਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ।ਦੂਜੇ ਸਥਾਨ ਤੇ ਈਸ਼ਾ ਅਤੇ ਰਾਧਿਕਾ ਨੇ ਤੀਜੇ ਸਥਾਨ ਤੇ ਰਹਿ ਕੇ ਕਾਲਜ ਦੇ ਮਾਣ ਵਿੱਚ ਵਾਧਾ ਕੀਤਾ ।
ਖੇਡ ਵਿਭਾਗ ਦੇ ਪ੍ਰੋਫੈਸਰ ਤੇ ਮੁੱਖੀ ਡਾ. ਸਰਦਾਰ ਬੂਟਾ ਸਿੰਘ ਨੇ ਖਿਡਾਰਨਾਂ ਦੀ ਖੇਡ ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਵਿਦਿਆਰਥਣ ਖਿਡਾਰਨ ਨੂੰ ਕਾਲਜ ਦਾ ਮਾਣ ਦੱਸਿਆ ।ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਇਸ ਜਿੱਤ ਤੇ ਖੁਸ਼ੀ ਵਿਅਕਤ ਕੀਤੀ ਤੇ ਖਿਡਾਰਨਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭ ਇੱਛਾਵਾਂ ਦਾ ਸੰਦੇਸ਼ ਦਿੱਤਾ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ (ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਜੀ ਨੇ ਜੇਤੂ ਖਿਡਾਰਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖਿਡਾਰਨਾਂ ਨੇ ਕਾਲਜ ਤੇ ਮਾਪਿਆਂ ਦੇ ਮਾਣ ਵਿੱਚ ਅਥਾਹ ਵਾਧਾ ਕੀਤਾ ਹੈ ਜੋ ਕਿ ਹੋਰ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਖਿਡਾਰੀ ਸਾਡਾ ਆਉਣ ਵਾਲਾ ਭਵਿੱਖ ਹਨ, ਜੇ ਇਹ ਖਿਡਾਰੀ ਲਗਾਤਾਰ ਸਖ਼ਤ ਮਿਹਨਤ ਕਰਨਗੇ ਤਾਂ ਇੱਕ ਨਾ ਇੱਕ ਦਿਨ ਖੇਡਾਂ ਵਿੱਚ ਦੇਸ਼ ਦਾ ਪ੍ਰਤਿਨਿਧ ਜ਼ਰੂਰ ਕਰਨਗੇ।