ke-logo
civil
Local News Kartarpur National Punjab

ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਲਾਜ਼ਮੀ – ਡਾ. ਸਰਬਜੀਤ ਸਿੰਘ

KARTARPUR EXCLUSIVE (PARDEEP KUMAR) | ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਕਰਤਾਰਪੁਰ ਡਾ. ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਸਿਹਤ ਤੰਦੁਰਸਤ ਕੇਂਦਰਾਂ ਤੇ ਵੀ ਸੀ.ਐਚ.ਓ ਵੱਲੋਂ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਮੌਕੇ ਆਰਮੀ ਕਾਲਜ ਆਫ਼ ਨਰਸਿੰਗ ਜਲੰਧਰ ਕੈਂਟ ਦੀਆਂ ਵਿਦਿਆਰਥਣਾਂ ਵੱਲੋਂ ਰੇਬੀਜ਼ ਬਿਮਾਰੀ ਸੰਬੰਧੀ ਜਾਗਰੂਕਤਾ ਪੋਸਟਰ ਬਨਾਏ ਗਏ। ਇਸ ਮੌਕੇ ਬੀ.ਈ.ਈ ਰਾਕੇਸ਼ ਸਿੰਘ, ਕਲੀਨਿਕਲ ਇੰਸਟਰਕਟਰ ਅਪਸਰਾ ਕਲਸੀ , ਸੰਧਿਆ ਮਸੀਹ ਅਤੇ ਸਿਹਤ ਵਰਕਰ ਮੌਜੂਦ ਸਨ।

ਐਸ.ਐਮ.ਓ ਡਾ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਬੀਜ਼ ਇਕ ਅਜਿਹਾ ਵਾਇਰਸ ਲਾਗ ਹੈ, ਜੋ ਆਮ ਤੌਰਤੇ ਸੰਕ੍ਰਮਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਰੇਬੀਜ਼ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬੀਜ਼ ਇਕ ਜਾਨਲੇਵਾ ਰੋਗ ਹੈ, ਜਿਸ ਦੇ ਲੱਛਣ ਬੇਹੱਦ ਦੇਰ ਨਾਲ ਨਜ਼ਰ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਦੇ ਤੌਰ ਉੱਤੇ ਜ਼ਖਮ ਨੂੰ ਵਗਦੇ ਪਾਣੀ ਵਿਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ। ਕੁੱਤੇ ਦੇ ਕੱਟਣ ਉੱਤੇ ਤੁਰੰਤ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਬਿਮਾਰੀ ਤੋਂ ਬਚਾਅ ਲਈ ਐਂਟੀ ਰੇਬੀਜ਼ ਦੇ ਟੀਕੇ ਲਗਵਾਉਣੇ ਬੇਹੱਦ ਜ਼ਰੂਰੀ ਹਨ, ਜਿਸ ਨਾਲ ਰੇਬੀਜ਼ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਰੇਬੀਜ਼ ਦਾ ਕੋਈ ਇਲਾਜ ਨਹੀਂ, ਸਿਰਫ਼ ਬਚਾਅ ਲਈ ਉਪਰਾਲੇ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ, ਸਗੋਂ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ।
ਬੀ.ਈ.ਈ ਰਾਕੇਸ਼ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਵਰ੍ਹੇ ਰੇਬੀਜ਼ ਦੀ ਬਿਮਾਰੀ `ਤੇ ਕਾਬੂ ਪਾਉਣ ਦੇ ਮਕਸਦ ਨਾਲ 28 ਸਤੰਬਰ ਨੂੰ “ਵਿਸ਼ਵ ਰੇਬੀਜ਼ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਮੁੱਖ ਉਦੇਸ਼ ਰੇਬੀਜ਼ ਦੀ ਬਿਮਾਰੀ ਤੇ ਇਸ ਦੀ ਰੋਕਥਾਮ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਸਾਵਧਾਨ ਕਰਦਿਆਂ ਦੱਸਿਆ ਕਿ ਕੁੱਤੇ ਤੋਂ ਇਲਾਵਾ ਹੋਰ ਜਾਨਵਰ ਦੇ ਕੱਟਣ ਨਾਲ ਵੀ ਰੇਬੀਜ਼ ਹੋਣ ਦਾ ਖਤਰਾ ਹੁੰਦਾ ਹੈ, ਜੋ ਵਾਇਰਸ ਨਾਲ ਫੈਲਣ ਵਾਲਾ ਇਕ ਬੇਹੱਦ ਗੰਭੀਰ ਰੋਗ ਹੈ।

LEAVE A RESPONSE

Your email address will not be published. Required fields are marked *