KARTARPUR EXCLUSIVE (PARDEEP KUMAR) 21-02-2025 |ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ ਕਾਲਜ ਦੇ ਪੰਜਾਬੀ ਭਾਸ਼ਾ ਮੰਚ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਪ੍ਰੋਫੈਸਰ ਡਾ. ਗੁਲਜ਼ਾਰ ਸਿੰਘ ਨੇ ਪ੍ਰਿੰਸੀਪਲ ਤੇ ਸਾਰੇ ਪ੍ਰੋਫੈ਼ਸਰ ਸਾਹਿਬਾਨ ਦੇ ਸੁਆਗਤ ਨਾਲ ਕੀਤੀ। ਡਾ. ਗੁਲਜ਼ਾਰ ਸਿੰਘ ਨੇ ਸਮੂਹ ਮਾਤ ਭਾਸ਼ਾ ਪ੍ਰੇਮੀਆਂ ਨੂੰ ਮੁਬਾਰਕ ਦਿੰਦਿਆ ਕਿਹਾ ਕਿ ਉਹ ਦੇਸ਼ ਕੌਮਾਂ ਖ਼ਤਮ ਹੋ ਜਾਦੀਆਂ ਹਨ ਜੋ ਆਪਣੀ ਮਾਂ ਬੋਲੀ ਤੇ ਸਭਿਆਚਾਰ ਭੁੱਲ ਜਾਂਦੀਆਂ ਹਨ। ਮਾਂ ਬੋਲੀ ਪੰਜਾਬੀ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਹੈ ਜੋ ਕਿ ਉਹ ਬਾਖ਼ੂਬੀ ਨਿਭਾ ਰਹੇ ਹਨ। ਮਾਤ ਭਾਸ਼ਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਦਿੰਦਿਆਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਕਿਹਾ ਕਿ ਮਾਂ ਬੋਲੀ ਦੇ ਸਤਿਕਾਰ ਨਾਲ ਹੀ ਮਨੁੱਖ ਵਿਕਾਸ ਦੀਆਂ ਮੰਜ਼ਿਲਾ ਸਰ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਮਨੁੱਖ ਆਪਣੀਆਂ ਭਾਵਨਾਵਾਂ ਦਾ ਸੰਚਾਰ ਜਿੰਨ੍ਹੇ ਵਧੀਆ ਤਰੀਕੇ ਨਾਲ ਆਪਣੀ ਮਾਤ ਭਾਸ਼ਾ ਵਿੱਚ ਕਰ ਸਕਦਾ ਹੈ ਉਨ੍ਹੇ ਵਧੀਆ ਤਰੀਕੇ ਨਾਲ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦਾ। ਵਰਤਮਾਨ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਵਜੋਂ ਵੀ ਅਪਣਾਇਆ ਜਾ ਸਕਦਾ ਹੈ।ਵਿਦਿਆਰਥੀਆਂ ਨੇ ਮਾਂ ਬੋਲੀ ਨਾਲ ਸੰਬੰਧਿਤ ਸਲੋਗਨ ਲਿਖ ਕੇ ਆਪਣੀ ਮਾਂ ਬੋਲੀ ਪ੍ਰਤਿ ਪਿਆਰ ਦਾ ਇਜ਼ਹਾਰ ਕੀਤਾ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ (ਹਲਕਾ ਕਰਤਾਰ ਦੇ ਸਾਬਕਾ ਐਮ. ਐਲ. ਏ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀ ਪਾਲ ਜੀ ਨੇ ਵੀ ਆਪਣੇ ਸੰਦੇਸ਼ ਵਿੱਚ ਮਾਤ ਭਾਸ਼ਾ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਕੁਲਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਮੌਜੂਦ ਸੀ।