ਮਾਤਾ ਗੁਜਰੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ

KARTARPUR EXCLUSIVE (PARDEEP KUMAR) 01-05-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਦਰਜਾ ਦੂਜਾ ਦੇ ਨਤੀਜਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 70% ਤੋਂ ਵਧ ਅੰਕ ਹਾਸਿਲ ਕਰਕੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ|
ਇਹਨਾਂ ਵਿਦਿਆਰਥੀਆਂ ਦੇ ਨਾਮ ਹਨ, ਸੁਖਵਿੰਦਰ ਕੌਰ (+1 ਸਾਇੰਸ), ਵੈਸ਼ਨਵੀ ਸੇਠੀ (+1 ਸਾਇੰਸ), ਹਿੰਮਤ ਕੁਮਾਰ ਬਾਹਮਣੀ (+2 ਕਾਮਰਸ) ਅਤੇ ਸਾਹਿਲ (+1 ਸਾਇੰਸ)| ਇਸ ਤੋਂ ਇਲਾਵਾ ਕਾਲਜ ਦੇ ਚਾਰ ਵਿਦਿਆਰਥੀਆਂ ਨੇ 60% ਤੋਂ ਵਧ ਅੰਕ ਲੈ ਕੇ ਮੈਡਲ ਲੈਣ ਵਾਲੇ ਵਿਦਿਆਰਥੀਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ, ਜਿਨ੍ਹਾਂ ਦੇ ਨਾਮ ਜਸਕਰਨ ਸਿੰਘ (+2 ਆਰਟਸ), ਰਮਨਦੀਪ ਸਿੰਘ(+2 ਆਰਟਸ), ਮਨਪ੍ਰੀਤ ਕੌਰ(+1 ਕਾਮਰਸ) ਤੇ ਜਸਪ੍ਰੀਤ ਕੌਰ (+2 ਕਾਮਰਸ) ਹਨ|
ਇਥੇ ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅੰਦਰ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਦਾ ਪ੍ਰਚਾਰ, ਪ੍ਰਸਾਰ ਕਰਨ ਲਈ ਹਰ ਸਾਲ ਇਹ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ|
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਲਈ ਧਾਰਮਿਕ ਅਧਿਆਪਕ ਬੀਬੀ ਰਾਜਵਿੰਦਰ ਕੌਰ ਅਤੇ ਸਕਾਲਰਸ਼ਿਪ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਵੀ ਇਸੇ ਸਿਰੜ ਅਤੇ ਲਗਣ ਨਾਲ ਅੱਗੇ ਵਧਣ ਲਈ ਪ੍ਰੇਰਿਆ|


