ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਿਆ : ਬਲਕਾਰ ਸਿੰਘ
KARTARPUR EXCLUSIVE (PARDEEP KUMAR) 24-04-2025 | ਸੂਬਾ ਸਰਕਾਰ ਦੀ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 22 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜ ਸਮਰਪਿਤ ਕੀਤੇ ਗਏ।

ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਮਿਡਲ ਸਕੂਲ ਲਾਂਬੜੀ ਵਿਖੇ 1.25 ਲੱਖ, ਸਰਕਾਰੀ ਮਿਡਲ ਸਕੂਲ ਮਲਕੋ ਤਰਾਰ ਵਿਖੇ 4 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ 3 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮਲਕੋ ਤਰਾਰ ਵਿਖੇ 1.82 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਤਾਜਪੁਰ ਵਿਖੇ 7.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਲਾਂਬੜਾ ਵਿਖੇ 2.55 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਾਂਬੜੀ ਵਿਖੇ 1.34 ਲੱਖ ਸਮੇਤ ਹੋਰ ਸਕੂਲਾਂ ਦੇ ਵਿਕਾਸ ਕਾਰਜ ਸ਼ਾਮਲ ਹਨ।
ਇਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮਾਂ ਮੌਕੇ ਲੋਕਾਂ ਦੇ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਵਿੱਚ ਸਕੂਲ ਆਫ ਐਮੀਨੈਂਸ ਦੀ ਸਥਾਪਨਾ, ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖ਼ਲਾਈ ਪ੍ਰਦਾਨ ਕਰਵਾਉਣਾ, ਸਰਕਾਰੀ ਸਕੂਲਾਂ ਵਿੱਚ ਬੱਸ ਸੇਵਾ, ਕੈਂਪਸ ਮੈਨੇਜਰ ਸਮੇਤ ਹੋਰ ਪਹਿਲਕਦਮੀਆਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਸੰਜੀਦਾ ਯਤਨਾਂ ਸਰਕਾਰੀ ਸਕੂਲ ਬਿਹਤਰ ਹੋਏ ਹਨ, ਜਿਸ ਸਦਕਾ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਿਆ ਹੈ ਅਤੇ ਲੋਕ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਹੋਰਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਰਦੀਆਂ, ਕਿਤਾਬਾਂ ਸਮੇਤ ਹੋਰ ਸਹੂਲਤਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।