ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ
KARTARPUR EXCLUSIVE (PARDEEP KUMAR) 02-04-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਦੁਆਰਾ ਪ੍ਰੋ. ਸੁਖਵੀਰ ਰੂਬੀ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਾਜਬੀਰ ਸਿੰਘ ਅਤੇ ਪ੍ਰੋ. ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ| ਇਸ ਮੌਕੇ ਮੁੱਖ ਮਹਿਮਾਨ ਵੱਜੋਂ ਡਾ. ਅਮਨਦੀਪ ਹੀਰਾ (ਪ੍ਰਿੰਸੀਪਲ, ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ) ਮੁੱਖ ਮਹਿਮਾਨ ਵੱਜੋਂ ਪੁੱਜੇ| ਇਸ ਪ੍ਰਦਰਸ਼ਨੀ ਵਿਚ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਵਸਤਾਂ ਜਿਵੇਂ ਚਰਖੇ, ਪੀੜ੍ਹੀਆਂ, ਦਰੀਆਂ, ਫੁਲਕਾਰੀਆਂ, ਬਾਗ, ਛਿੱਕੂ, ਗੁੱਡੀਆਂ ਪਟੋਲੇ, ਪੁਰਾਤਨ ਬਰਤਨ, ਪੱਖੀਆਂ, ਪੁਰਾਤਨ ਸਿੱਕੇ, ਰਵਾਇਤੀ ਗਹਿਣੇ, ਝੋਲੇ ਅਤੇ ਹੋਰ ਅਲੋਪ ਹੋ ਰਹੀਆਂ ਵਸਤਾਂ ਖਿੱਚ ਦਾ ਕੇਂਦਰ ਰਹੀਆਂ| ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਸੁਹਾਗ ਅਤੇ ਘੋੜੀਆਂ ਦੀ ਪੇਸ਼ਕਾਰੀ ਕੀਤੀ ਗਈ|
ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਇਸ ਪ੍ਰਦਰਸ਼ਨੀ ਲਈ ਪੰਜਾਬੀ ਵਿਭਾਗ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਇਹੋ ਜਿਹੀਆਂ ਪ੍ਰਦਰਸ਼ਨੀਆਂ ਭਵਿੱਖ ਵਿਚ ਵੀ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀ ਆਪਣੇ ਸਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ| ਅੰਤ ਵਿਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|