ਨਰਸਿੰਗ ਸਕੂਲ ਦੇ ਵਿੱਦਿਆਰਥੀਆਂ ਨੇ ਡੇਂਗੂ ਜਾਗਰੂਕਤ ਸਬੰਧੀ ਲਗਾਈ ਪ੍ਰਦਰਸ਼ਣੀ

KARTARPUR EXCLUSIVE (PARDEEP KUMAR) 03-03-2025 | ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੇ ਹੁਕਮਾਂ ਅਨੁਸਾਰ 100 ਦਿਨਾਂ ਟੀ.ਬੀ ਰੋਕਥਾਮ ਮੁਹਿੰਮ ਅਤੇ ਮੌਸਮੀ ਬਿਮਾਰੀਆਂ ਸਬੰਧੀ ਪਿੰਡਾਂ, ਸਕੂਲਾਂ, ਕਾਲਜ਼ ਦੇ ਵਿੱਦਿਆਰਥੀਆਂ ਅਤੇ ਆਮ ਲੋਕਾਂ ਆਦਿ ਨੂੰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਮਾਤਾ ਗੁਜ਼ਰੀ ਖਾਲਸਾ ਕਾਲਜ਼ ਕਰਤਾਰਪੁਰ ਵਿਖੇ ਵਿੱਦਿਆਰਥੀਆਂ ਨੂੰ ਟੀ.ਬੀ, ਡੇਂਗੂ ਅਤੇ ਹੋਰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਰਮੀ ਸਕੂਲ ਆਫ ਨਰਸਿੰਗ ਜਲੰਧਰ ਕੈਂਟ ਦੇ ਸਟੂਡੇਂਟ ਵਲੋਂ ਟੀ.ਬੀ. ਸਬੰਧੀ ਨੁਕੜ ਨਾਟਕ ਕੀਤਾ ਗਿਆ ਅਤੇ ਡੇਂਗੂ ਜਾਗਰੂਤਾ ਸੰਬੰਧੀ ਪ੍ਰਦਰਸ਼ਣੀ ਲਗਾਈ ਗਈ। ਇਸ ਮੌਕੇ ਬੀ.ਈ.ਈ. ਰਾਕੇਸ਼ ਸਿੰਘ, ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ . ਡਾ.ਸੁਚੇਤਾ ਰਾਣੀ, ਪ੍ਰੋ.ਕਮਲੇਸ਼ ਰਾਣੀ, ਡਾ.ਕਮਲਜੀਤ ਸਿੰਘ, ਪ੍ਰੋ .ਰਣਜੀਤ ਸਿੰਘ .ਪ੍ਰੋ ਰਾਜਬੀਰ ਸਿੰਘ, ਪ੍ਰੋ .ਸੋਨੀਆਂ, ਇੰਸ. ਕੇਵਲ, ਕਲੀਨਿਕਲ ਇੰਨਸਟ੍ਰਕਟਰ ਅਪਸਰਾ ਕਲਸ਼ੀ, ਨੰਦਨੀ ਮੌਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਤਪਦਿਕ (ਟੀ.ਬੀ.) ਅਜੇ ਵੀ ਦੁਨੀਆ ਦਾ ਸਭ ਤੋਂ ਵੱਡੀ ਛੂਤ ਦੀ ਬਿਮਾਰੀ ਹੈ ਜੋ ਕਿ ਮੌਤ ਦਰ ਵਿੱਚ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਪਦਿਕ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਇਲਾਜ ਵੀ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਫੈਲ ਜਾਂਦੇ ਹਨ। ਜਿਸ ਉਪਰੰਤ ਨੇੜਲਾ ਵਿਅਕਤੀ ਵੀ ਟੀ.ਬੀ ਦੀ ਇੰਫੈਕਸ਼ਨ ਤੋਂ ਸੰਕ੍ਰਮਿਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਾਗਰੁਕ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
ਡੇਂਗੂ ਬੁਖਾਰ ਸੰਬੰਧੀ ਜਾਣਕਾਰੀ ਦਿੰਦਿਆ ਡਾ. ਸਰਬਜੀਤ ਸਿੰਘ ਕਿਹਾ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ, ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਪਾਇਆ ਜਾਂਦਾ ਹੈ। ਇਸ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਹੋਣ ‘ਤੇ ਠੰਡ ਨਾਲ ਬੁਖ਼ਾਰ ਦਾ ਚੜਨਾ, ਸਿਰ, ਅੱਖਾਂ, ਜੋੜਾਂ ਅਤੇ ਸਰੀਰ ੱਚ ਦਰਦ, ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ਇਸ ਦੇ ਲੱਛਣ ਹਨ। ਡੇਂਗੂ ਤੋਂ ਬੱਚਣ ਲਈ ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਿਓ। ਇਸ ਦੇ ਨਾਲ ਹੀ ਘਰਾਂ ਵਿੱਚ ਸਾਫ਼ ਸਫਾਈ ਦਾ ਵੀ ਵਿਸ਼ੇਸ਼ ਧਿਆਨ ਦਿਓ।