ਕਲ੍ਹ ਉੱਠੀ ਸੀ ਡੋਲੀ, ਅੱਜ ਉੱਠੀ ਅਰਥੀ, ਸਹੁਰਿਆਂ ’ਤੇ ਲੱਗਾ ਕਤਲ ਦਾ ਇਲਜ਼ਾਮ

ਕਰਤਾਰਪੁਰ, 26 ਅਪ੍ਰੈਲ, 2021(Report Pardeep Kumar) | ਜਲੰਧਰ ਦੀ ਇਕ ਕੁੜੀ ਦਾ ਐਤਵਾਰ ਨੂੰ ਕਰਤਾਰਪੁਰ ਦੇ ਇਕ ਲੜਕੇ ਨਾਲ ਵਿਆਹ ਹੋਇਆ ਅਤੇ ਡੋਲੀ ਕਰਤਾਰਪੁਰ ਪੁੱਜੀ। ਸੋਮਵਾਰ ਸਵੇਰੇ ਕੁੜੀ ਦੀ ਮੌਤ ਹੋ ਗਈ। ਦੋਸ਼ ਹੈ ਕਿ ਸੋਮਵਾਰ ਸਵੇਰੇ ਸਹੁਰੇ ਪਰਿਵਾਰ ਨੇ ਫ਼ੋਨ ਕਰਕੇ ਲੜਕੀ ਦੇ ਪਰਿਵਾਰ ਨੂੰ ਇਹ ਕਹਿ ਕੇ ਬੁਲਾਇਆ ਕਿ ਤੁਹਾਡੀ ਲੜਕੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਆ ਕੇ ਲੈ ਜਾਉ ਪਰ ਜਦ ਪਰਿਵਾਰ ਪਹੁੰਚਿਆ ਤਾਂ ਕੁੜੀ ਦੀ ਮੌਤ ਹੋ ਚੁੱਕੀ ਸੀ। ਜਲੰਧਰ ਦੇ ਇਲਾਕਾ ਇਸਲਾਮਗੰਜ ਵਿੱਚ ਰਹਿਣ ਵਾਲੀ ਪਰਮਪਾਲ ਕੌਰ ਉਰਫ਼ ਸਿਮਰਨ ਦਾ ਵਿਆਹ ਐਤਵਾਰ ਨੂੰ ਕਰਤਾਰਪੁਰ ਦੀ ਵਿਸ਼ਵਕਰਮਾ ਮਾਰਕੀਟ ਦੇ ਰਹਿਣਵਾਲੇ ਸੁਰੁਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਹੋਇਆ ਸੀ ਅਤੇ ਐਤਵਾਰ ਸ਼ਾਮ ਡੋਲੀ ਰੁਖ਼ਸਤ ਕੀਤੀ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਰਾਤ ਨੂੰ ਹੀ ਕੁੜੀ ਦਾ ਕਤਲ ਗਲਾ ਘੁੱਟ ਕੇ ਕਰ ਦਿੱਤਾ ਗਿਆ ਅਤੇ ਸਵੇਰੇ ਉਨ੍ਹਾਂ ਨੂੰ ਖ਼ਬਰ ਕੀਤੀ ਗਈ। ਕੁੜੀ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਹਾਹਾਕਾਰ ਮਚ ਗਈ। ਥਾਣਾ ਕਰਤਾਰਪੁਰ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ। ਖ਼ਬਰ ਹੈ ਕਿ ਐਸ.ਐਸ.ਪੀ.ਸ੍ਰੀ ਸੰਦੀਪ ਗਰਗ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।