ਜੰਗ-ਏ-ਆਜ਼ਾਦੀ ਯਾਦਗਾਰ ਨੌਜਵਾਨ ਪੀੜ੍ਹੀਆਂ ਨੂੰ ਰਾਸ਼ਟਰਵਾਦ ਅਤੇ ਦੇਸ਼ਭਗਤੀ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ – ਬਨਵਾਰੀ ਲਾਲ ਪੁਰੋਹਿਤ

ਪੰਜਾਬ ਦੇ ਰਾਜਪਾਲ ਵੱਲੋਂ ਜੰਗ-ਏ-ਆਜ਼ਾਦੀ ਦਾ ਦੌਰਾ, ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀਆਂ ਗੈਲਰੀਆਂ ਦੇਖੀਆਂ
ਕਰਤਾਰਪੁਰ (ਬਿਊਰੋ) | ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਜੰਗ-ਏ-ਆਜ਼ਾਦੀ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਆਜ਼ਾਦੀ ਸੰਗਰਾਮ ਅਤੇ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੀ ਪੇਸ਼ਕਾਰੀ ਕਰਦੀਆਂ ਗੈਲਰੀਆਂ ਨੂੰ ਗਹੁ ਨਾਲ ਦੇਖਿਆ।
ਜੰਗ-ਏ-ਆਜ਼ਾਦੀ ਵਿਖੇ ਪਹੁੰਚਣ ‘ਤੇ ਰਾਜਪਾਲ ਦਾ ਸਵਾਗਤ ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਤੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਸੀ.ਈ.ਓ. ਘਨਸ਼ਿਆਮ ਥੋਰੀ, ਆਈ.ਜੀ. ਜਲੰਧਰ ਰੇਂਜ ਜੀ.ਐਸ ਢਿੱਲੋਂ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਵੱਲੋਂ ਕੀਤਾ ਗਿਆ।
ਰਾਜਪਾਲ ਵੱਲੋਂ ਇਸ ਮੌਕੇ ਹਾਜ਼ਰ ਸ਼ਖਸੀਅਤਾਂ ਦੇ ਨਾਲ ਸਮੂਹ ਗੈਲਰੀਆਂ ਦਾ ਦੌਰਾ ਕੀਤਾ ਗਿਆ ਅਤੇ ਆਡੀਟੋਰੀਅਮ ਵਿੱਚ ਵੀ ਗਏ, ਜਿੱਥੇ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਦੌਰਾਨ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਓਸ ਵੇਲੇ ਦਰਪੇਸ਼ ਚੁਣੌਤੀਆਂ ਨੂੰ ਬਿਆਨ ਕਰਦੀ ਇੱਕ ਲਘੂ ਫਿਲਮ ਵੀ ਦੇਖੀ। ਰਾਜਪਾਲ ਨੇ ਇਸ ਯਾਦਗਾਰ ਨੂੰ ਨੌਜਵਾਨ ਪੀੜ੍ਹੀ ਲਈ ਬਹੁਤ ਹੀ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਹ ਯਾਦਗਾਰ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਤੋਂ ਜਾਣੂੰ ਕਰਵਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਇੱਕ ਢੁੱਕਵੀ ਸ਼ਰਧਾਂਜਲੀ ਹੈ, ਜਿਨ੍ਹਾਂ ਬਰਤਾਨਵੀ ਬਸਤੀਵਾਦ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਰਾਜਪਾਲ ਵੱਲੋਂ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸਤਨਾਮ ਮਾਣਕ, ਸਕੱਤਰ ਪ੍ਰਬੰਧਕੀ ਕਮੇਟੀ ਲਖਵਿੰਦਰ ਜੌਹਲ, ਮੈਂਬਰ ਪ੍ਰਬੰਧਕੀ ਕਮੇਟੀ ਰਮੇਸ਼ ਮਿੱਤਲ ਦੇ ਨਾਲ ਸਾਰੀਆਂ ਗੈਲਰੀਆਂ ਦਾ ਦੌਰਾ ਕਰਕੇ ਆਜ਼ਾਦੀ ਦੇ ਸੰਗਰਾਮ ਨੂੰ ਦਰਸਾਉਂਦੀਆਂ ਤਸਵੀਰਾਂ ਦੇ ਨਾਲ-ਨਾਲ ਉਥੇ ਸਕਰੀਨਾਂ ‘ਤੇ ਪ੍ਰਦਰਸ਼ਿਤ ਅਤੇ ਲਿਖਿਤ ਵਿਸਥਾਰਿਤ ਜਾਣਕਾਰੀ ਨੂੰ ਵੀ ਵਾਚਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਜੇ.ਐਮ. ਬਾਲਾਮੁਰੁਗਨ, ਗਵਰਨਰ ਪੰਜਾਬ ਦੇ ਏ.ਡੀ.ਸੀ. (ਐਮ) ਅਮਿਤ ਤਿਵਾੜੀ, ਏ.ਡੀ.ਸੀ. ਪੀ.ਐਸ. ਪਰਮਾਰ ਅਤੇ ਜਲੰਧਰ ਦੇ ਏ.ਡੀ.ਸੀ. (ਜਨਰਲ) ਅਮਰਜੀਤ ਬੈਂਸ ਵੀ ਮੌਜੂਦ ਸਨ।